ਸਿੰਘਾਸਣ ਬਤੀਸੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਿੰਘਾਸਣ ਬਤੀਸੀ : ਸਿੰਘਾਸਣ ਬਤੀਸੀ  ਸੰਸਕ੍ਰਿਤ ਭਾਸ਼ਾ ਵਿੱਚ ਰਚਿਆ ਗਿਆ ਬੱਤੀ ਕਹਾਣੀਆਂ ਦਾ ਇੱਕ ਪ੍ਰਾਚੀਨ ਗ੍ਰੰਥ ਹੈ। ਇਸ ਗ੍ਰੰਥ ਦੇ ਕਈ ਹੋਰ ਨਾਂ ਵੀ ਪ੍ਰਚਲਿਤ ਰਹੇ ਹਨ ਜਿਵੇਂ ਵਿਕ੍ਰਮੋ ਚਰਿਤ ਜਾਂ ਸਿੰਘਾਸਣ ਦਵਤ੍ਰਿੰਸ਼ਿਕਾ  ਆਦਿ। ਜਿਵੇਂ ਸੰਸਕ੍ਰਿਤ ਦੇ ਬੇਤਾਲ ਪੱਚੀਸੀ  ਗ੍ਰੰਥ ਵਿੱਚ ਬੇਤਾਲ ਅਤੇ ਵਿਕ੍ਰਮ ਦੀਆਂ ਪੱਚੀ ਕਹਾਣੀਆਂ ਸ਼ਾਮਲ ਹਨ, ਉਸੇ ਤਰ੍ਹਾਂ ‘ਸਿੰਘਾਸਣ ਬਤੀਸੀ` ਵਿਚਲੀਆਂ ਕਹਾਣੀਆਂ ਪ੍ਰਸਿੱਧ ਪ੍ਰਾਕਰਮੀ, ਦਾਨੀ ਅਤੇ ਯੋਧੇ ਰਾਜੇ ਵਿਕ੍ਰਮਾਦਿੱਤ ਨਾਲ ਸੰਬੰਧਿਤ ਹਨ। ਰਾਜੇ ਵਿਕ੍ਰਮਾਦਿੱਤ ਨੂੰ ਇਹ ਕਹਾਣੀਆਂ ਬੱਤੀ ਪੁਤਲੀਆਂ ਸੁਣਾਉਂਦੀਆਂ ਹਨ। ਇਸ ਦੇ ਪਿਛੋਕੜ ਨਾਲ ਸੰਬੰਧਿਤ ਦਿਲਚਸਪ ਵੇਰਵੇ ਇਉਂ ਮਿਲਦੇ ਹਨ :

     ਪ੍ਰਾਚੀਨ ਕਾਲ ਵਿੱਚ ਉਜੈਨ ਨਗਰ ਦੇ ਤੇਜੱਸਵੀ ਅਤੇ ਸੂਰਬੀਰ ਰਾਜੇ ਭੋਜ ਨੂੰ ਇੱਕ ਰਾਤ ਸੁਪਨਾ ਆਉਂਦਾ ਹੈ ਕਿ ਕੋਈ ਉਸ ਦੇ ਮਹਿਲ ਦੇ ਸਾਮ੍ਹਣੇ ਵਿਸ਼ਾਲ ਬਾਗ਼ ਵਿੱਚ ਕੁਝ ਖ਼ਾਲੀ ਪਈ ਜਗ੍ਹਾ ਨੂੰ ਖੋਦ ਰਿਹਾ ਹੈ। ਓਥੇ ਇੱਕ ਸਿੰਘਾਸਣ ਦੱਬਿਆ ਪਿਆ ਹੈ ਜਿਹੜਾ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਨਿਕਲ ਨਹੀਂ ਰਿਹਾ। ਅਗਲੇ ਦਿਨ ਰਾਜਾ ਭੋਜ ਉਹ ਜਗ੍ਹਾ ਪੁਟਵਾਉਂਦਾ ਹੈ ਤਾਂ ਸੱਚ-ਮੁੱਚ ਹੀ ਓਥੇ ਸਿੰਘਾਸਣ ਮੌਜੂਦ ਹੁੰਦਾ ਹੈ। ਬਹੁਤ ਸਾਰੇ ਮਜ਼ਦੂਰ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਬਾਹਰ ਨਹੀਂ ਨਿਕਲਦਾ। ਰਾਜ-ਪੰਡਤ ਦੱਸਦਾ ਹੈ, ਇਹ ਕਿਸੇ ਆਦਿਮ ਜ਼ਮਾਨੇ ਦਾ ਸਿੰਘਾਸਣ ਲੱਗਦਾ ਹੈ। ਜੇ ਇਸ ਥਾਂ ਤੇ ਕਿਸੇ ਪਸ਼ੂ ਦੀ ਬਲੀ ਦਿੱਤੀ ਜਾਵੇ ਤਾਂ ਹੋ ਸਕਦਾ ਹੈ, ਇਹ ਸਿੰਘਾਸਣ ਬਾਹਰ ਨਿਕਲ ਆਵੇ। ਰਾਜ-ਪੰਡਤ ਦੀ ਰਾਇ ਅਨੁਸਾਰ ਰਾਜਾ ਭੋਜ ਉਸ ਥਾਂ ਤੇ ਇੱਕ ਝੋਟੇ ਦੀ ਬਲੀ ਦਿੰਦਾ ਹੈ ਅਤੇ ਸਿੰਘਾਸਣ ਬਾਹਰ ਨਿਕਲ ਆਉਂਦਾ ਹੈ। ਸਿੰਘਾਸਣ ਨਾਲੋਂ ਮਿੱਟੀ ਲਾਹੁਣ ਤੋਂ ਬਾਅਦ ਉਸ ਨੂੰ ਸੈਂਕੜੇ ਮਣ ਘੀ ਨਾਲ ਧੋਤਾ ਜਾਂਦਾ ਹੈ। ਉਸ ਸਿੰਘਾਸਣ ਤੇ ਸੋਨੇ ਦੀਆਂ ਬੱਤੀ ਪੁਤਲੀਆਂ ਜੜ੍ਹੀਆਂ ਹੋਈਆਂ ਨਜ਼ਰ ਆਉਂਦੀਆਂ ਹਨ। ਸਾਫ਼ ਸਫ਼ਾਈ ਤੋਂ ਬਾਅਦ ਰਾਜੇ ਭੋਜ ਲਈ ਉਸ ਸਿੰਘਾਸਣ ਤੇ ਬੈਠਣ ਦਾ ਇੱਕ ਸ਼ੁਭ ਦਿਨ ਨਿਸ਼ਚਿਤ ਕੀਤਾ ਜਾਂਦਾ ਹੈ ਪਰ ਜਦੋਂ ਰਾਜਾ ਨਿਸ਼ਚਿਤ ਦਿਨ ਤੇ ਸਿੰਘਾਸਣ ਤੇ ਬੈਠਣ ਲਈ ਆਪਣਾ ਕਦਮ ਅੱਗੇ ਵਧਾਉਂਦਾ ਹੈ ਤਾਂ ਪਹਿਲੀ ਪੁਤਲੀ ਮੰਜਰੀ ਖਿੜਖਿੜ ਕਰ ਕੇ ਹੱਸ ਪੈਂਦੀ ਹੈ। ਰਾਜਾ ਭੋਜ ਹੈਰਾਨੀ ਨਾਲ ਇਸ ਦਾ ਕਾਰਨ ਪੁੱਛਦਾ ਹੈ ਤਾਂ ਉਹ ਬੋਲਦੀ ਹੈ, ਹੇ ਰਾਜਾ ਭੋਜ! ਤੁਸੀਂ ਇਸ ਸਿੰਘਾਸਣ ਤੇ ਬੈਠਣ ਤੋਂ ਪਹਿਲਾਂ ਸਾਡੀਆਂ ਬੱਤੀ ਪੁਤਲੀਆਂ ਦੀ ਕਹਾਣੀ ਸੁਣੋ। ਜੇ ਤੁਸੀਂ ਅਜਿਹਾ ਕਰਨ ਤੋਂ ਬਿਨਾਂ ਸਿੰਘਾਸਣ ਤੇ ਬੈਠਣ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਸੜ ਕੇ ਸੁਆਹ ਹੋ ਜਾਵੋਗੇ।

     ਰਾਜਾ ਭੋਜ ਘਬਰਾ ਕੇ ਇਕਦਮ ਪਿਛਾਂਹ ਹੱਟ ਜਾਂਦਾ ਹੈ ਅਤੇ ਬੱਤੀ ਪੁਤਲੀਆਂ ਦੀ ਕਹਾਣੀ ਸੁਣਨ ਲੱਗ ਪੈਂਦਾ ਹੈ। ਇਹ ਬੱਤੀ ਪੁਤਲੀਆਂ ਹਨ-ਮੰਜਰੀ, ਚਿਤਰਲੇਖਾ, ਰਤੀਭਾਮਾ, ਚੰਦਰਕਲਾ, ਲੀਲਾਵਤੀ, ਕਾਮਕੰਦਲਾ, ਕਾਮੋਦੀ, ਪੁਸ਼ਪਾਵਤੀ, ਮਧੂਮਾਲਤੀ, ਪ੍ਰਭਾਵਤੀ, ਪਦਮਾਵਤੀ, ਕੀਰਤੀਵਤੀ, ਤ੍ਰਿਲੋਚਨੀ, ਵਿਲੋਚਨੀ, ਅਨੂਪਵਤੀ, ਸੁੰਦਰਵਤੀ, ਸਤਿਆਵਤੀ, ਰੂਪਰੇਖਾ, ਤਾਰਾ, ਚੰਦਰਜਯੋਤਿ, ਅਨੁਰੋਧਵਤੀ, ਅਨੁਰੂਪਰੇਖਾ, ਕਰੁਣਾਵਤੀ, ਚੰਦਰਲੇਖਾ, ਜੈ ਲਕਸ਼ਮੀ, ਵਿਦਿਆਵਤੀ, ਜਮਜਯੋਤਿ, ਮਨਮੋਹਿਨੀ, ਕੌਰਾਲਾ, ਰੂਪਵਤੀ, ਕੌਸ਼ਲਿਆ ਅਤੇ ਤ੍ਰਿਨੇਤਰੀ। ਇਹ ਪੁਤਲੀਆਂ ਰਾਜੇ ਭੋਜ ਨੂੰ ਇੱਕ- ਇੱਕ ਕਰ ਕੇ ਰਾਜਾ ਵਿਕ੍ਰਮਾਦਿੱਤ ਦੇ ਤੇਜ, ਉਪਕਾਰ ਅਤੇ ਦਾਨਵੀਰਤਾ ਦੀਆਂ ਕਹਾਣੀਆਂ ਸੁਣਾਉਂਦੀਆਂ ਹਨ। ਇਹਨਾਂ ਕਹਾਣੀਆਂ ਵਿੱਚੋਂ ਇਹ ਵੀ ਪੱਖ ਉਜਾਗਰ ਹੁੰਦਾ ਹੈ ਕਿ ਜਦੋਂ ਰਾਜਾ ਭੋਜ ਆਪਣੇ ਬਲ ਅਤੇ ਸਾਹਸ ਦੇ ਨਾਲ ਕੋਈ ਬੜੀ ਉੱਤਮ ਅਤੇ ਗੈਬੀ ਵਸਤੂ ਹਾਸਲ ਕਰਦਾ ਹੈ ਤਾਂ ਉਸ ਤੋਂ ਉਹ ਵਸਤੂ ਰਾਜੇ ਦੀ ਪਰਜਾ ਦਾ ਕੋਈ ਗ਼ਰੀਬ-ਗੁਰਬਾ ਜਾਂ ਲਾਚਾਰ ਵਿਅਕਤੀ ਮੰਗ ਲੈਂਦਾ ਹੈ ਜਿਸ ਨੂੰ ਰਾਜਾ ਵਿਕ੍ਰਮਾਦਿੱਤ ਨਾਂਹ ਨਹੀਂ ਕਰ ਸਕਦਾ। ਇਹ ਰਾਜੇ ਭੋਜ ਦੀ ਦਰਿਆ ਦਿਲੀ ਦੀ ਮਿਸਾਲ ਹੈ। ਜਦੋਂ ਰਾਜਾ ਭੋਜ ਇਕੱਤੀ ਪੁਤਲੀਆਂ ਦੀਆਂ ਕਹਾਣੀਆਂ ਸੁਣ ਲੈਂਦਾ ਹੈ ਅਤੇ ਬੱਤੀਵੀਂ ਪੁਤਲੀ ਤ੍ਰਿਨੇਤਰੀ ਸੁਝਾਅ ਦਿੰਦੀ ਹੈ ਕਿ ਇਹ ਸਿੰਘਾਸਣ ਬਹੁਤ ਮਹਾਨਤਾ ਵਾਲਾ ਹੈ ਅਤੇ ਇਸ ਤੇ ਕੇਵਲ ਉਹ ਹੀ ਬੈਠ ਸਕਦਾ ਹੈ ਜਿਹੜਾ ਰਾਜਾ ਵਿਕ੍ਰਮਾਦਿੱਤ ਜਿੰਨਾ ਬਹਾਦਰ, ਵੀਰ, ਦਾਨੀ ਅਤੇ ਪ੍ਰਤਾਪੀ ਵੀ ਹੋਵੇ ਪਰ ਉਸ (ਰਾਜੇ ਭੋਜ) ਵਿੱਚ ਅਜਿਹੇ ਗੁਣ ਮੌਜੂਦ ਨਹੀਂ ਸਨ।

     ਇੱਕ ਅੰਗਰੇਜ਼ ਵਿਦਵਾਨ ਐਨ.ਪੀ. ਪੇਂਜਰ ਨੇ ਇਸ ਗ੍ਰੰਥ ਨੂੰ ਲਗਪਗ ਤੇਰ੍ਹਵੀਂ ਸਦੀ ਦਾ ਗ੍ਰੰਥ ਸਵੀਕਾਰ ਕੀਤਾ ਹੈ ਪਰ ਇੱਕ ਹੋਰ ਵਿਦਵਾਨ ਯੋਗੇਂਦਰ ਪ੍ਰਤਾਪ ਸਿੰਘ ਨੇ ਸਿੰਘਾਸਣ ਬਤੀਸੀ  ਨੂੰ ਸਭ ਤੋਂ ਪਹਿਲਾ ਸੰਮਤ 1690 (ਅਰਥਾਤ 1633 ਈਸਵੀ) ਵਿੱਚ ਹਿੰਦੀ ਵਿੱਚ ਕਾਵਿਮਈ ਰੂਪ ਵਿੱਚ ਅਨੁਵਾਦ ਕੀਤਾ ਸੀ। ਰਾਇ ਸੁੰਦਰ ਨਾਂ ਦੇ ਇੱਕ ਮਹਾਂਕਵੀ ਨੇ ਵੀ ਇਸ ਨੂੰ ਬ੍ਰਜ ਭਾਸ਼ਾ ਵਿੱਚ ਅਨੁਵਾਦ ਕੀਤਾ ਸੀ। 1807 ਬਿਕਰਮੀ (ਸੰਨ 1750 ਈਸਵੀ) ਵਿੱਚ ਸੋਮਨਾਥ ‘ਸਸੀਨਾਥ` ਨੇ ‘ਸੁਜਾਨ ਵਿਕਾਸ` ਨਾਂ ਹੇਠ ਇਸ ਦਾ ਸੁੰਦਰ ਪਦਿਆਂ ਵਿੱਚ ਬ੍ਰਜ ਭਾਸ਼ਾ ਵਿੱਚ ਹੀ ਅਨੁਵਾਦ ਕੀਤਾ ਸੀ। ਇਸ ਗ੍ਰੰਥ ਦੇ ਕੁਝ ਹੋਰ ਕਾਵਿ-ਅਨੁਵਾਦਾਂ ਵਿੱਚ ਦੋਹੇ, ਕਬਿੱਤ, ਸਵੱਈਏ, ਅਤੇ ਚੌਪਈ ਦਾ ਉਚਿਤ ਪ੍ਰਯੋਗ ਕੀਤਾ ਗਿਆ ਹੈ। ਇਸ ਗ੍ਰੰਥ ਦਾ ਇੱਕ ਹੱਥ ਲਿਖਤ ਰੂਪ ਵੀ ਮਿਲਦਾ ਹੈ। ਲੋਕਧਾਰਾ ਸ਼ਾਸਤਰੀ ਵਣਜਾਰਾ ਬੇਦੀ ਨੇ ਆਪਣੇ ਲੋਕਧਾਰਾ ਵਿਸ਼ਵ ਕੋਸ਼ ਵਿੱਚ ਸਿੰਘਾਸਣ ਬਤੀਸੀ  ਦੀ ਕਥਾ ਦਾ ਮਹਾਤਮ ਇਉਂ ਦਿੱਤਾ ਹੈ:

ਵਿਪ੍ਰ ਸੁਨੈ ਯਾ ਕਥਾ ਕੋ,

ਵਿਦਯਾ ਬੁਧਿ ਕੀ ਦਾਨਿ।

ਛਤ੍ਰੀ ਸੁਨੈ ਸੁ ਧਰਮ ਰਤਿ,

ਸੁਖ ਸਮੂਹ ਕੀ ਖਾਨਿ।

ਬੈਸ ਸੁਨੇ ਬਹੁ ਧਲ ਲਹੈ,

ਸੁਦ੍ਰ ਸੁਨੈ ਸੁਖ ਪਾਇ।

ਭੂਪ ਸੁਨੈ ਬਹੁ ਪਰਖ ਸੋ,

            ਨਿਤ ਉਠਿ ਕਰੈ ਨਿਆਇ।

     ਰਾਜੇ ਵਿਕ੍ਰਮਾਦਿੱਤ ਦੇ ਸਿੰਘਾਸਣ ਬਾਰੇ ਵਣਜਾਰਾ ਬੇਦੀ ਨੇ ਆਪਣੇ ਇਸ ਗ੍ਰੰਥ ਵਿੱਚ ਲਿਖਿਆ ਹੈ ਕਿ ਰਾਜਾ ਭੋਜ ਆਪਣੇ-ਆਪ ਨੂੰ ਉਸ ਤਖ਼ਤ ਦੇ ਯੋਗ ਨਾ ਸਮਝਦਾ ਹੋਇਆ ਸਿੰਘਾਸਣ ਨੂੰ ਮੁੜ ਧਰਤੀ ਵਿੱਚ ਦਬਾ ਦਿੰਦਾ ਹੈ ਪਰ ਇਸ ਦੇ ਉਲਟ ਇੱਕ ਹਿੰਦੀ ਸਿੰਘਾਸਣ ਬਤੀਸੀ  (ਸੰਗ੍ਰਹਿਕਰਤਾ ਪੁਨੀਤ ਦੇਹਲਵੀ) ਅਨੁਸਾਰ ਰਾਜਾ ਭੋਜ ਉਸ ਸਿੰਘਾਸਣ ਨੂੰ ਧਰਤੀ ਵਿੱਚ ਨਹੀਂ ਦਬਾਉਂਦਾ ਸਗੋਂ ਇੱਕ ਵਿਸ਼ਾਲ ਮਹਿਲ ਬਣਵਾ ਕੇ ਉਸ ਅੰਦਰ ਰੱਖ ਦਿੰਦਾ ਹੈ ਅਤੇ ਰੋਜ਼ ਉਸ ਸਿੰਘਾਸਣ ਦੀ ਪੂਜਾ ਕਰ ਕੇ ਇੱਕ ਮਹਾਨ ਚੱਕਰਵਰਤੀ, ਪ੍ਰਾਕਰਮੀ ਅਤੇ ਦਾਨੀ ਰਾਜੇ ਵਜੋਂ ਆਪਣਾ ਨਾਂ ਰੋਸ਼ਨ ਕਰ ਕੇ ਜੱਸ ਖੱਟਦਾ ਹੈ। ਸਿੰਘਾਸਣ ਬਤੀਸੀ  ਗ੍ਰੰਥ ਦੀਆਂ ਸਮੁੱਚੀਆਂ ਕਹਾਣੀਆਂ ਵਿੱਚੋਂ ਪੰਜਾਬੀ ਲੋਕ-ਮਨ ਦਾ ਪ੍ਰਗਟਾਵਾ ਹੁੰਦਾ ਹੈ। ਇਹ ਪ੍ਰਾਚੀਨ ਭਾਰਤੀ ਸਮਾਜ ਦੇ ਗੌਰਵ ਅਤੇ ਇਤਿਹਾਸ-ਮਿਥਿਹਾਸ ਦੀ ਤਰਜ਼ਮਾਨੀ ਵੀ ਕਰਦੀਆਂ ਹਨ।


ਲੇਖਕ : ਦਰਸ਼ਨ ਸਿੰਘ ਆਸ਼ਟ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1227, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸਿੰਘਾਸਣ ਬਤੀਸੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਿੰਘਾਸਣ-ਬਤੀਸੀ : ‘ਸਿੰਘਾਸਣ-ਬਤੀਸੀ’ ਲੰਮੀਆਂ ਕਹਾਣੀਆਂ ਦਾ ਇਕ ਸੰਗ੍ਰਹਿ ਹੈ। ਇਸ ਪੁਸਤਕ ਦਾ ਆਰੰਭ ਇਉਂ ਹੁੰਦਾ ਹੈ :––

          ਸ਼ਿਵ ਜੀ ਪਾਰਬਤੀ ਨੂੰ ਕਥਾ ਸੁਣਾਉਂਦੇ ਹਨ ਕਿ ਉਜੈਨ ਦੇ ਰਾਜਾ ਭਰਥਰੀ ਹਰੀ ਸਨ। ਉਹ ਆਪਣੀ ਰਾਣੀ ਦਾ ਭੈੜਾ ਚਾਲਾ ਵੇਖ ਕੇ, ਵਿਰਕਤ ਹੋ, ਰਾਜ ਆਪਣੇ ਛੋਟੇ ਭਰਾ ਵਿਕਰਮਾਦਿੱਤ ਨੂੰ ਦੇ ਕੇ, ਆਪ ਵਣਾਂ ਨੂੰ ਚਲੇ ਗਏ। ਇਸ ਰਾਜੇ ਵੀਰ ਵਿਕਰਮਾਦਿੱਤ ਨੂੰ ਬੱਤੀ ਪੁਤਲੀਆਂ ਵਾਲਾ ਇਕ ਅਦਭੁਤ ਸਿੰਘਾਸਣ ਇੰਦਰ ਤੋਂ ਪ੍ਰਸਾਦ ਵਿਚ ਮਿਲਿਆ। ਜਦ ਰਾਜਾ ਵਿਕ੍ਰਮਾਦਿੱਤ ਸਾਲਿਵਾਹਨ ਦੇ ਹੱਥੋਂ ਮਾਰਿਆ ਗਿਆ ਤਾਂ ਇਹ ਸਿੰਘਾਸਣ ਕਿਸੇ ਪਵਿੱਤਰ ਤੀਰਥ ਉੱਤੇ ਸੁੱਟ ਦਿੱਤਾ ਗਿਆ।

          ਕੁਝ ਸਦੀਆਂ ਬੀਤ ਗਈਆਂ। ਅੰਤ ਵਿਚ ਰਾਜਾ ਭੋਜ ਨੂੰ ਇਹ ਸਿੰਘਾਸਣ ਉਸ ਦੀ ਰਾਜਧਾਨੀ ਧਾਰਾ ਦੇ ਕੋਲ ਇਕ ਖੇਤ ਵਿਚੋਂ ਮਿਲਿਆ। ਜਦ ਰਾਜਾ ਭੋਜ ਇਸ ਸਿੰਘਾਸਣ ਉਪਰ ਬੈਠਣ ਲੱਗਾ ਤਾਂ ਪੁਤਲੀ ਰਾਜਾ ਨੂੰ ਕਹਿਣ ਲੱਗੀ “ਰਾਜਨ ! ਜੇ ਆਪ ਵਿਚ ਰਾਜਾ ਵਿਕ੍ਰਮਾਦਿੱਤ ਜਿਹੇ ਗੁਣ, ਵੀਰਤਾ, ਉਦਾਰਤਾ, ਸੱਜਨਤਾ ਆਦਿ ਨਹੀਂ ਹਨ ਤਾਂ ਆਪ ਇਸ ਸਿੰਘਾਸਣ ਉਪਰ ਨਹੀਂ ਬੈਠ ਸਕਦੇ।”

          ਇੰਜ ਵਾਰੋ ਵਾਰੀ 31 ਦੀਆਂ 31 ਪੁਤਲੀਆਂ ਰਾਜਾ ਵਿਕ੍ਰਮਾਦਿੱਤ ਦੀ ਵੀਰਤਾ ਆਦਿ ਬਾਰੇ ਇਕ ਇਕ ਕਹਾਣੀ ਸੁਣਾ ਕੇ ਉੱਡ ਜਾਂਦੀਆਂ ਹਨ। ਫਿਰ ਬੱਤੀਵੀਂ ਦੀ ਵਾਰੀ ਆਉਂਦੀ ਹੈ। ਉਹ ਕਹਿੰਦੀ ਹੈ “ਤੁਹਾਡੀ ਕਿਰਪਾ ਨਾਲ ਸਾਰੇ ਪਾਪ ਕੱਟੇ ਗਏ ਹਨ, ਸਾਰੇ ਸਰਾਪ ਦਾ ਅੰਤ ਹੋ ਗਿਆ ਹੈ। ਅਸੀਂ ਪਾਰਬਤੀ ਦੀਆਂ ਨਰਤਕੀਆਂ ਸਾਂ। ਪਾਰਬਤੀ ਦੇ ਸਰਾਪ ਦੇ ਕਾਰਨ ਹੀ ਅਸੀਂ ਪੁਤਲੀਆਂ ਬਣੀਆਂ ਸਾਂ। ਸਾਨੂੰ ਦਸਿਆ ਗਿਆ ਸੀ ਕਿ “ਜਦ ਰਾਜਾ ਭੋਜ ਤੁਹਾਡੇ ਕੋਲੋਂ ਵਿਕ੍ਰਮ-ਚਰਿਤ ਸੁਣੇਗਾ, ਤਦ ਸਰਾਪ ਜਾਂਦਾ ਰਹੇਗਾ।” ਇਹ ਕਹਿਕੇ ਉਹ ਵੀ ਉਡ ਗਈ।

          ਇਸ ਤਰ੍ਹਾਂ ਬੱਤੀ ਪੁਤਲੀਆਂ ਨੇ ਬੱਤੀ ਕਹਾਣੀਆਂ ਸੁਣਾਈਆਂ। ਇਹ ਪੁਸਤਕ, ਜਿਸ ਨੂੰ ‘ਵਿਕ੍ਰਮ-ਚਰਿਤ’ (विक्रमचरित) ਵੀ ਕਹਿੰਦੇ ਹਨ, ਸੰਸਕ੍ਰਿਤ ਸਾਹਿੱਤ ਦੀ ਇਕ ਪ੍ਰਸਿੱਧ ਕਿਰਤ ਹੈ। ਇਸ ਵਿਚ ਰਾਜੇ ਭੋਜ (1018-1063 ਈ.) ਦਾ ਵੀ ਵਰਣਨ ਹੈ। ਇਸ ਕਰਕੇ ਇਹ ਗਿਆਰ੍ਹਵੀਂ ਸਦੀ ਈ. ਤੋਂ ਪਹਿਲਾਂ ਰਚੀ ਗਈ ਨਹੀਂ ਹੋ ਸਕਦੀ।

          ਇਸ ਬਤੀਸੀ ਦਾ ਉਲਥਾ ਫ਼ਾਰਸੀ ਵਿਚ ਅਕਬਰ ਬਾਦਸ਼ਾਹ ਦੀ ਆਗਿਆ ਨਾਲ 1574 ਈ. ਦੇ ਲਗਭਗ ਕੀਤਾ ਗਿਆ। ਇਸ ਦਾ ਅਨੁਵਾਦ ਭਾਰਤ ਦੀਆਂ ਕਈ ਭਾਸ਼ਾਵਾਂ ਅਤੇ ਸਿਆਮੀ ਮੰਗੋਲੀ ਤੇ ਜਰਮਨ ਭਾਸ਼ਾਵਾਂ ਵਿਚ ਕੀਤਾ ਗਿਆ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 689, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-14, ਹਵਾਲੇ/ਟਿੱਪਣੀਆਂ: no

ਸਿੰਘਾਸਣ ਬਤੀਸੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਿੰਘਾਸਣ-ਬਤੀਸੀ :  ਇਹ 'ਲੰਬੀਆਂ ਕਹਾਣੀਆਂ ਦਾ ਇਕ ਸੰਗ੍ਰਹਿ ਹੈ। ਇਸ ਪੁਸਤਕ ਦਾ ਆਰੰਭ ਸ਼ਿਵ ਜੀ ਦੇ ਪਾਰਬਤੀ ਨੂੰ ਕਥਾ ਸੁਣਾਉਣ ਨਾਲ ਹੁੰਦਾ ਹੈ ਕਿ ਉਜੈਨ ਦਾ ਰਾਜਾ ਭਰਥਰੀ ਹਰੀ ਆਪਣੀ ਰਾਣੀ ਦਾ ਭੈੜਾ ਚਾਲਾ ਵੇਖ ਕੇ ਵਿਰਕਤ ਹੋ, ਰਾਜ ਆਪਣੇ ਛੋਟੇ ਭਰਾ ਵਿਕਰਮਾਦਿੱਤ ਨੂੰ ਦੇ ਕੇ ਆਪ ਜੰਗਲ ਨੂੰ ਚਲਾ ਗਿਆ। ਵਿਕਰਮਾਦਿੱਤ ਨੂੰ ਬੱਤੀ ਪੁਤਲੀਆਂ ਵਾਲਾ ਇਕ ਅਦਭੁਤ ਸਿੰਘਾਸਣ ਇੰਦਰ ਤੋਂ ਪ੍ਰਸਾਦ ਵਿਚ ਮਿਲਿਆ। ਰਾਜਾ ਵਿਕ੍ਰਮਾਦਿੱਤ ਜਦ ਸਲਵਾਹਨ ਦੇ ਹੱਥੋਂ ਮਾਰਿਆ ਗਿਆ ਤਾਂ ਇਹ ਸਿੰਘਾਸਣ ਕਿਸੇ ਤੀਰਥ ਉੱਤੇ ਸੁੱਟ ਦਿੱਤਾ ਗਿਆ।

        ਕੁਝ ਸਦੀਆਂ ਬੀਤ ਗਈਆਂ। ਅੰਤ ਵਿਚ ਰਾਜਾ ਭੋਜ ਨੂੰ ਇਹ ਸਿੰਘਾਸਣ ਉਸ ਦੀ ਰਾਜਧਾਨੀ ਧਾਰਾ ਦੇ ਕੋਲ ਇਕ ਖੇਤ ਵਿਚੋਂ ਮਿਲਿਆ। ਰਾਜਾ ਭੋਜ ਜਦ ਇਸ ਸਿੰਘਾਸਣ ਉੱਪਰ ਬੈਠਣ ਲੱਗਾ ਤਾਂ ਇਕ ਪੁਤਲੀ ਰਾਜਾ ਨੂੰ ਕਹਿਣ ਲੱਗੀ 'ਰਾਜਨ ! ਜੇ ਆਪ ਵਿਚ ਰਾਜਾ ਵਿਕਰਮਾਦਿੱਤ ਜਿਹੇ ਗੁਣ-ਵੀਰਤਾ, ਉਦਾਰਤਾ, ਸੱਜਨਤਾ ਆਦਿ ਨਹੀਂ ਹਨ ਤਾਂ ਆਪ ਇਸ ਸਿੰਘਾਸਣ ਉੱਪਰ ਨਹੀਂ ਬੈਠ ਸਕਦੇ।'

        ਇੰਜ ਵਾਰੋ ਵਾਰੀ 31 ਦੀਆਂ 31 ਪੁਤਲੀਆਂ ਰਾਜਾ ਵਿਕਰਮਾਦਿੱਤ ਦੀ ਵੀਰਤਾ ਆਦਿ ਬਾਰੇ ਇਕ ਇਕ ਕਹਾਣੀ ਸੁਣਾ ਕੇ ਉਡ ਗਈਆਂ। ਫਿਰ ਬੱਤੀਵੀਂ ਦੀ ਵਾਰੀ ਆਈ। ਉਹ ਕਹਿਣ ਲਗੀ ਤੁਹਾਡੀ ਕਿਰਪਾ ਨਾਲ ਸਾਡੇ ਪਾਪ ਕੱਟੇ ਗਏ ਹਨ, ਸਾਡੇ ਸਰਾਪ ਦਾ ਅੰਤ ਹੋ ਗਿਆ ਹੈ। ਅਸੀਂ ਪਾਰਬਤੀ ਦੀਆਂ ਨਰਤਕੀਆ ਸਾਂ। ਸਾਨੂੰ ਦਸਿਆ ਗਿਆ ਸੀ ਕਿ ਜਦ ਰਾਜਾ ਭੋਜ ਤੁਹਾਡੇ ਕੋਲੋਂ ਵਿਕ੍ਰਮ-ਚਰਿਤ ਸੁਣੇਗਾ ਤਦ ਸਰਾਪ ਜਾਂਦਾ ਰਹੇਗਾ। ਇਹ ਕਹਿ ਕੇ ਉਹ ਵੀ ਉੱਡ ਗਈ।

        ਇਸ ਤਰ੍ਹਾਂ ਬੱਤੀ ਪੁਤਲੀਆਂ ਨੇ ਬੱਤੀ ਕਹਾਣੀਆਂ ਸੁਣਾਈਆਂ। ਇਸ ਪੁਸਤਕ ਨੂੰ 'ਵਿਕ੍ਰਮ-ਚਰਿਤ' ਵੀ ਕਹਿੰਦੇ ਹਨ। ਇਹ ਸੰਸਕ੍ਰਿਤ ਸਾਹਿਤ ਦੀ ਪ੍ਰਸਿੱਧ ਕਿਰਤ ਹੈ। ਇਸ ਵਿਚ ਰਾਜਾ ਭੋਜ ਦਾ ਵੀ ਵਰਣਨ ਹੈ।

        ਇਸ ਬਤੀਸੀ ਦਾ ਅਨੁਵਾਦ ਫ਼ਾਰਸੀ ਵਿਚ ਅਕਬਰ ਬਾਦਸ਼ਾਹ ਦੀ ਆਗਿਆ ਨਾਲ 1574 ਈ. ਦੇ ਲਗਭਗ ਕੀਤਾ ਗਿਆ। ਇਸ ਦਾ ਅਨੁਵਾਦ ਭਾਰਤ ਦੀਆਂ ਕਈ ਭਾਸ਼ਾਵਾਂ ਤੋਂ ਇਲਾਵਾ ਸਿਆਮੀ, ਮੰਗੋਲੀ ਤੇ ਜਰਮਨ ਆਦਿ ਭਾਸ਼ਾਵਾਂ ਵਿਚ ਵੀ ਕੀਤਾ ਗਿਆ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 539, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-17-02-51-44, ਹਵਾਲੇ/ਟਿੱਪਣੀਆਂ: ਹ. ਪੁ.–ਪੰ. ਵਿ. ਕੋ. 5:155

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.